1 Kings 8

1ਸੁਲੇਮਾਨ ਨੇ ਇਸਰਾਏਲ ਦੇ ਬਜ਼ੁਰਗਾਂ ਨੂੰ ਗੋਤਾਂ ਦੇ ਸਾਰੇ ਮੁਖੀਆਂ ਨੂੰ ਜੋ ਇਸਰਾਏਲੀਆਂ ਦੇ ਪਿਉ-ਦਾਦਿਆਂ ਦੇ ਪ੍ਰਧਾਨ ਸਨ ਆਪਣੇ ਕੋਲ ਯਰੂਸ਼ਲਮ ਵਿੱਚ ਇੱਕਠੇ ਕੀਤਾ, ਤਾਂ ਜੋ ਉਹ ਯਹੋਵਾਹ ਦੇ ਨੇਮ ਦੇ ਸੰਦੂਕ ਨੂੰ ਦਾਊਦ ਦੇ ਸ਼ਹਿਰੋਂ ਜਿਹੜਾ ਸੀਯੋਨ ਹੈ, ਉਤਾਹਾਂ ਲੈ ਆਉਣ । 2ਇਸਰਾਏਲ ਦੇ ਸਾਰੇ ਮਨੁੱਖ ਸੁਲੇਮਾਨ ਪਾਤਸ਼ਾਹ ਕੋਲ ਏਥਾਨੀਮ ਮਹੀਨੇ ਦੇ ਪਰਬ ਉੱਤੇ ਜਿਹੜਾ ਸਤਵਾਂ ਮਹੀਨਾ ਹੈ ਇੱਕਠੇ ਹੋਏ ।

3ਇਸਰਾਏਲ ਦੇ ਸਾਰੇ ਬਜ਼ੁਰਗ ਆਏ ਅਤੇ ਸੰਦੂਕ ਨੂੰ ਜਾਜਕਾਂ ਨੇ ਚੁੱਕਿਆ । 4ਉਹ ਯਹੋਵਾਹ ਦੇ ਸੰਦੂਕ ਨੂੰ, ਮੰਡਲੀ ਦੇ ਤੰਬੂ ਨੂੰ ਅਤੇ ਸਾਰੇ ਪਵਿੱਤਰ ਭਾਂਡਿਆਂ ਨੂੰ ਜਿਹੜੇ ਤੰਬੂ ਵਿੱਚ ਸਨ ਉਤਾਹਾਂ ਲਿਆਏ । ਇਸ ਤਰ੍ਹਾਂ ਜਾਜਕ ਤੇ ਲੇਵੀ ਉਨ੍ਹਾਂ ਨੂੰ ਲਿਆਏ । 5ਸੁਲੇਮਾਨ ਪਾਤਸ਼ਾਹ ਅਤੇ ਇਸਰਾਏਲ ਦੀ ਸਾਰੀ ਮੰਡਲੀ ਜੋ ਉਹ ਦੇ ਕੋਲ ਇੱਕਠੀ ਹੋਈ ਉਹ ਦੇ ਨਾਲ ਸੰਦੂਕ ਦੇ ਅੱਗੇ ਸਨ ਅਤੇ ਉਨ੍ਹਾਂ ਨੇ ਐਨੀਆਂ ਭੇਡਾਂ ਤੇ ਬਲ਼ਦ ਚੜ੍ਹਾਏ ਕਿ ਉਹ ਵੱਧ ਹੋਣ ਦੇ ਕਾਰਨ ਨਾ ਗਿਣਤੀ ਵਿੱਚ ਨਾ ਲੇਖੇ ਵਿੱਚ ਆ ਸਕਦੇ ਸਨ ।

6ਜਾਜਕ ਯਹੋਵਾਹ ਦੇ ਨੇਮ ਦੇ ਸੰਦੂਕ ਨੂੰ ਉਹ ਦੇ ਸਥਾਨ ਵਿੱਚ ਅਰਥਾਤ ਭਵਨ ਦੀ ਵਿਚਲੀ ਕੋਠੜੀ, ਅੱਤ ਪਵਿੱਤਰ ਸਥਾਨ ਵਿੱਚ ਕਰੂਬੀਆਂ ਦੇ ਖੰਭਾਂ ਹੇਠ ਲਿਆਏ । 7ਕਿਉਂ ਜੋ ਕਰੂਬ ਆਪਣੇ ਦੋਵੇਂ ਖੰਭ ਸੰਦੂਕ ਦੇ ਸਥਾਨ ਉੱਤੇ ਖਿਲਾਰੇ ਹੋਏ ਸਨ ਅਤੇ ਕਰੂਬ ਸੰਦੂਕ ਨੂੰ ਤੇ ਉਹ ਦੀਆਂ ਚੋਬਾਂ ਨੂੰ ਉਤਾਹਾਂ ਤੋਂ ਢੱਕਦੇ ਸਨ । 8ਉਨ੍ਹਾਂ ਨੇ ਚੋਬਾਂ ਨੂੰ ਇਨ੍ਹਾਂ ਲੰਮਾ ਕੀਤਾ ਕਿ ਚੋਬਾਂ ਦੇ ਸਿਰੇ ਵਿਚਲੀ ਕੋਠੜੀ ਅੱਗੋਂ ਪਵਿੱਤਰ ਸਥਾਨ ਤੋਂ ਦਿਸਦੇ ਸਨ ਪਰ ਬਾਹਰੋਂ ਨਹੀਂ ਦਿਸਦੇ ਸਨ ਅਤੇ ਉਹ ਅੱਜ ਦੇ ਦਿਨ ਤੱਕ ਉੱਥੇ ਹੀ ਹਨ ।

9ਸੰਦੂਕ ਵਿੱਚ ਉਨ੍ਹਾਂ ਦੋਹਾਂ ਪੱਥਰਾਂ ਦੀਆਂ ਪੱਟੀਆਂ ਤੋਂ ਬਿਨਾਂ ਹੋਰ ਕੁਝ ਨਹੀਂ ਸੀ ਜਿਹੜੀਆਂ ਮੂਸਾ ਨੇ ਉੱਥੇ ਹੋਰੇਬ ਵਿੱਚ ਰੱਖੀਆਂ ਸਨ ਜਿੱਥੇ ਯਹੋਵਾਹ ਨੇ ਇਸਰਾਏਲੀਆਂ ਨਾਲ ਨੇਮ ਬੰਨ੍ਹਿਆ ਸੀ ਜਦ ਉਹ ਮਿਸਰ ਦੇਸ ਤੋਂ ਨਿੱਕਲੇ ਸਨ । 10ਇਸ ਤਰ੍ਹਾਂ ਹੋਇਆ ਕਿ ਜਦ ਜਾਜਕ ਪਵਿੱਤਰ ਸਥਾਨ ਤੋਂ ਨਿੱਕਲੇ ਤਦ ਉਸ ਬੱਦਲ ਨੇ ਯਹੋਵਾਹ ਦੇ ਭਵਨ ਨੂੰ ਇਸ ਤਰ੍ਹਾਂ ਭਰ ਦਿੱਤਾ 11ਕਿ ਜਾਜਕ ਬੱਦਲ ਦੇ ਕਾਰਨ ਉਪਾਸਨਾ ਕਰਨ ਲਈ ਖੜ੍ਹੇ ਨਾ ਹੋ ਸਕੇ ਕਿਉਂ ਜੋ ਯਹੋਵਾਹ ਦੇ ਜਲਾਲ ਨੇ ਯਹੋਵਾਹ ਦੇ ਭਵਨ ਨੂੰ ਭਰ ਦਿੱਤਾ ਸੀ ।

12ਸੁਲੇਮਾਨ ਨੇ ਆਖਿਆ ਕਿ ਯਹੋਵਾਹ ਨੇ ਫ਼ਰਮਾਇਆ ਸੀ ਕਿ ਉਹ ਅਨ੍ਹੇਰ ਘੁੱਪ ਵਿੱਚ ਵੱਸੇਗਾ । 13ਮੈਂ ਜ਼ਰੂਰ ਤੇਰੇ ਲਈ ਇੱਕ ਉੱਚਾ ਭਵਨ ਜਿੱਥੇ ਤੂੰ ਸਦਾ ਤੱਕ ਰਹੇਂ ਬਣਾਇਆ ।

14ਤਦ ਪਾਤਸ਼ਾਹ ਨੇ ਆਪਣਾ ਮੂੰਹ ਮੋੜ ਕੇ ਇਸਰਾਏਲ ਦੀ ਸਾਰੀ ਸਭਾ ਨੂੰ ਬਰਕਤ ਦਿੱਤੀ ਤੇ ਇਸਰਾਏਲ ਦੀ ਸਾਰੀ ਸਭਾ ਖੜ੍ਹੀ ਰਹੀ । 15ਉਸ ਆਖਿਆ, ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਮੁਬਾਰਕ ਹੋਵੇ ਜਿਸ ਨੇ ਮੇਰੇ ਪਿਤਾ ਦਾਊਦ ਨਾਲ ਆਪਣੇ ਮੂੰਹ ਨਾਲ ਬਚਨ ਕੀਤਾ ਅਤੇ ਆਪਣੇ ਹੱਥ ਨਾਲ ਉਹ ਨੂੰ ਪੂਰਾ ਵੀ ਕੀਤਾ । 16ਕਿ ਜਿਸ ਦਿਨ ਤੋਂ ਮੈਂ ਆਪਣੀ ਪਰਜਾ ਇਸਰਾਏਲ ਨੂੰ ਮਿਸਰੋਂ ਕੱਢ ਲਿਆਇਆ ਮੈਂ ਘਰ ਬਣਾਉਣ ਲਈ ਕਿ ਮੇਰਾ ਨਾਮ ਉੱਥੇ ਰਹੇ ਇਸਰਾਏਲ ਦਿਆਂ ਸਾਰਿਆਂ ਗੋਤਾਂ ਵਿੱਚੋਂ ਕੋਈ ਸ਼ਹਿਰ ਨਹੀਂ ਚੁਣਿਆ ਪਰ ਮੈਂ ਦਾਊਦ ਨੂੰ ਚੁਣਿਆ ਕਿ ਉਹ ਮੇਰੀ ਪਰਜਾ ਇਸਰਾਏਲ ਉੱਤੇ ਹੋਵੇ ।

17ਮੇਰੇ ਪਿਤਾ ਦਾਊਦ ਦੀ ਇੱਛਾ ਸੀ ਕਿ ਮੈਂ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਦੇ ਨਾਮ ਲਈ ਇੱਕ ਭਵਨ ਬਣਾਵਾਂ । 18ਪਰ ਯਹੋਵਾਹ ਨੇ ਮੇਰੇ ਪਿਤਾ ਦਾਊਦ ਨੂੰ ਆਖਿਆ, ਇਸ ਲਈ ਕਿ ਤੇਰੇ ਮਨ ਵਿੱਚ ਮੇਰੇ ਨਾਮ ਲਈ ਭਵਨ ਬਣਾਉਣ ਦੀ ਇੱਛਾ ਸੀ ਤਾਂ ਤੂੰ ਚੰਗਾ ਕੀਤਾ ਕਿ ਇਹ ਤੇਰੇ ਮਨ ਵਿੱਚ ਸੀ । 19ਤਾਂ ਵੀ ਤੂੰ ਭਵਨ ਨਹੀਂ ਬਣਾਵੇਂਗਾ ਪਰ ਤੇਰਾ ਪੁੱਤਰ ਜਿਹੜਾ ਤੇਰੀ ਅੰਸ ਤੋਂ ਨਿੱਕਲੇਗਾ ਉਹ ਮੇਰੇ ਨਾਮ ਲਈ ਭਵਨ ਬਣਾਵੇਗਾ ।

20ਸੋ ਯਹੋਵਾਹ ਨੇ ਆਪਣੇ ਇਸ ਬਚਨ ਨੂੰ ਪੂਰਾ ਕੀਤਾ ਹੈ ਕਿਉਂ ਜੋ ਮੈਂ ਆਪਣੇ ਪਿਤਾ ਦਾਊਦ ਦੇ ਥਾਂ ਉੱਠਿਆ ਹਾਂ ਅਤੇ ਮੈਂ ਇਸਰਾਏਲ ਦੀ ਰਾਜ ਗੱਦੀ ਉੱਤੇ ਬੈਠਾ ਹਾਂ ਜਿਵੇਂ ਯਹੋਵਾਹ ਨੇ ਬਚਨ ਕੀਤਾ ਅਤੇ ਮੈਂ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੇ ਨਾਮ ਲਈ ਇਹ ਭਵਨ ਬਣਾਇਆ ਹੈ । 21ਉੱਥੇ ਮੈਂ ਸੰਦੂਕ ਲਈ ਥਾਂ ਰੱਖਿਆ ਹੈ ਜਿਹ ਦੇ ਵਿੱਚ ਯਹੋਵਾਹ ਦਾ ਨੇਮ ਹੈ ਜਿਹ ਨੂੰ ਉਸ ਨੇ ਸਾਡੇ ਪਿਉ-ਦਾਦਿਆਂ ਨਾਲ ਬੰਨ੍ਹਿਆ ਜਦ ਉਸ ਨੇ ਉਨ੍ਹਾਂ ਨੂੰ ਮਿਸਰ ਦੇਸ ਤੋਂ ਕੱਢਿਆ ।

22ਤਦ ਸੁਲੇਮਾਨ ਯਹੋਵਾਹ ਦੀ ਜਗਵੇਦੀ ਅੱਗੇ ਇਸਰਾਏਲ ਦੀ ਸਾਰੀ ਸਭਾ ਦੇ ਸਾਹਮਣੇ ਖੜ੍ਹਾ ਹੋਇਆ ਅਤੇ ਆਪਣੇ ਹੱਥ ਅਕਾਸ਼ ਵੱਲ ਚੁੱਕੇ । 23ਉਸ ਨੇ ਆਖਿਆ, ਹੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਤੇਰੇ ਵਰਗਾ ਉਤਾਹਾਂ ਸਵਰਗ ਵਿੱਚ ਅਥਵਾ ਹੇਠਾਂ ਧਰਤੀ ਉੱਤੇ ਕੋਈ ਪਰਮੇਸ਼ੁਰ ਨਹੀਂ ਜੋ ਨੇਮ ਅਤੇ ਕਿਰਪਾ ਆਪਣੇ ਦਾਸਾਂ ਨਾਲ ਕਾਇਮ ਰੱਖਦਾ ਹੈ ਜਿਹੜੇ ਤੇਰੇ ਅੱਗੇ ਪੂਰੇ ਦਿਲ ਨਾਲ ਚੱਲਦੇ ਹਨ । 24ਜਿਸ ਨੇ ਆਪਣੇ ਦਾਸ ਮੇਰੇ ਪਿਤਾ ਦਾਊਦ ਨਾਲ ਜੋ ਬਚਨ ਕੀਤਾ ਸੋ ਪੂਰਾ ਕੀਤਾ । ਤੂੰ ਆਪਣੇ ਮੂੰਹ ਤੋਂ ਬੋਲਿਆ ਅਤੇ ਆਪਣੇ ਹੱਥ ਨਾਲ ਪੂਰਾ ਕੀਤਾ ਜਿਵੇਂ ਅੱਜ ਦੇ ਦਿਨ ਹੈ ।

25ਇਸ ਲਈ ਹੁਣ ਹੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ, ਮੇਰੇ ਪਿਤਾ ਤੇ ਆਪਣੇ ਦਾਸ ਦਾਊਦ ਨਾਲ ਜੋ ਬਚਨ ਕੀਤਾ ਪੂਰਾ ਕਰ ਕਿ ਮੇਰੇ ਅੱਗੇ ਇਸਰਾਏਲ ਦੀ ਰਾਜ ਗੱਦੀ ਉੱਤੇ ਬੈਠਣ ਲਈ ਤੇਰੇ ਥਾਂ ਮਨੁੱਖ ਦੀ ਕਮੀ ਨਾ ਹੋਵੇਗੀ ਜੇ ਕੇਵਲ ਤੇਰੇ ਪੁੱਤਰ ਆਪਣੇ ਰਾਹ ਉੱਤੇ ਧਿਆਨ ਕਰਨ ਕਿ ਉਹ ਮੇਰੇ ਸਨਮੁਖ ਤੁਰਨ ਜਿਵੇਂ ਤੂੰ ਮੇਰੇ ਸਨਮੁਖ ਤੁਰਿਆ ਹੈਂ । 26ਹੁਣ ਹੇ ਇਸਰਾਏਲ ਦੇ ਪਰਮੇਸ਼ੁਰ, ਤੇਰਾ ਬਚਨ ਜਿਹੜਾ ਤੂੰ ਮੇਰੇ ਪਿਤਾ ਦਾਊਦ ਆਪਣੇ ਦਾਸ ਨਾਲ ਕੀਤਾ ਸੱਚਾ ਠਹਿਰਾਇਆ ਜਾਵੇ ।

27ਭਲਾ, ਪਰਮੇਸ਼ੁਰ ਸੱਚ-ਮੁੱਚ ਧਰਤੀ ਉੱਤੇ ਵਾਸ ਕਰੇਗਾ ? ਵੇਖ, ਸਵਰਗ ਸਗੋਂ ਸਵਰਗਾਂ ਦੇ ਸਵਰਗ ਤੈਨੂੰ ਨਹੀਂ ਸੰਭਾਲ ਸਕੇ, ਫਿਰ ਕਿਵੇਂ ਇਹ ਭਵਨ ਜੋ ਮੈਂ ਬਣਾਇਆ ? 28ਹੇ ਯਹੋਵਾਹ ਮੇਰੇ ਪਰਮੇਸ਼ੁਰ, ਆਪਣੇ ਦਾਸ ਦੀ ਬੇਨਤੀ ਤੇ ਅਰਦਾਸ ਵੱਲ ਧਿਆਨ ਦੇਈਂ । ਉਸ ਦੁਹਾਈ ਤੇ ਬੇਨਤੀ ਨੂੰ ਸੁਣ ਜੋ ਤੇਰਾ ਦਾਸ ਤੇਰੇ ਅੱਗੇ ਅੱਜ ਪ੍ਰਾਰਥਨਾ ਕਰਦਾ ਹੈ ।

29ਤੇਰੀਆਂ ਅੱਖਾਂ ਰਾਤ ਦਿਨ ਇਸ ਭਵਨ ਵੱਲ ਖੁਲ੍ਹੀਆਂ ਰਹਿਣ ਅਰਥਾਤ ਇਸ ਸਥਾਨ ਵੱਲ ਜਿਹ ਦੇ ਵਿਖੇ ਤੂੰ ਆਖਿਆ ਕਿ ਮੇਰਾ ਨਾਮ ਉੱਥੇ ਰਹੇਗਾ ਆਪਣੇ ਦਾਸ ਦੀ ਬੇਨਤੀ ਨੂੰ ਜੋ ਉਹ ਇਸ ਸਥਾਨ ਵੱਲ ਕਰੇ ਸੁਣ ਲਈਂ । 30ਆਪਣੇ ਦਾਸ ਦੀ ਤੇ ਆਪਣੀ ਪਰਜਾ ਇਸਰਾਏਲ ਦੀ ਅਰਦਾਸ ਨੂੰ ਸੁਣ ਲਈਂ ਜਦ ਉਹ ਇਸ ਸਥਾਨ ਵੱਲ ਪ੍ਰਾਰਥਨਾ ਕਰਨ ਸਵਰਗ ਭਵਨ ਵਿੱਚ ਸੁਣ ਲਈਂ ਅਤੇ ਸੁਣ ਕੇ ਮਾਫ਼ ਕਰੀਂ ।

31ਜੇ ਕੋਈ ਮਨੁੱਖ ਆਪਣੇ ਗੁਆਂਢੀ ਨਾਲ ਪਾਪ ਕਰੇ ਅਤੇ ਉਹ ਦੇ ਕੋਲੋਂ ਸਹੁੰ ਖਵਾਈ ਜਾਵੇ ਅਤੇ ਉਹ ਸਹੁੰ ਇਸ ਭਵਨ ਦੀ ਜਗਵੇਦੀ ਅੱਗੇ ਖਾਧੀ ਜਾਵੇ । 32ਤਾਂ ਤੂੰ ਸਵਰਗ ਵਿੱਚ ਸੁਣ ਲਈਂ ਅਤੇ ਕੰਮ ਕਰੀਂ ਅਤੇ ਆਪਣੇ ਦਾਸਾਂ ਦਾ ਨਿਆਂ ਇਸ ਤਰ੍ਹਾਂ ਕਰੀਂ ਕਿ ਬੁਰੇ ਨੂੰ ਤੂੰ ਦੋਸ਼ੀ ਠਹਿਰਾਵੇਂ ਕਿ ਉਹ ਦਾ ਕੀਤਾ ਉਹ ਦੇ ਸਿਰ ਉੱਤੇ ਆਵੇ ਅਤੇ ਧਰਮੀ ਨੂੰ ਧਰਮੀ ਠਹਿਰਾਵੇਂ ਕਿ ਉਹ ਦੇ ਧਰਮ ਅਨੁਸਾਰ ਉਹ ਨੂੰ ਬਦਲਾ ਦਿੱਤਾ ਜਾਵੇ ।

33ਜਦ ਤੇਰੀ ਪਰਜਾ ਇਸਰਾਏਲ ਵੈਰੀ ਦੇ ਅੱਗਿਓਂ ਇਸ ਲਈ ਮਾਰੀ ਜਾਵੇ ਕਿ ਉਨ੍ਹਾਂ ਨੇ ਤੇਰਾ ਪਾਪ ਕੀਤਾ ਹੋਵੇ ਤਾਂ ਜੇ ਉਹ ਤੇਰੀ ਵੱਲ ਫਿਰਨ ਤੇ ਤੇਰੇ ਨਾਮ ਨੂੰ ਮੰਨ ਲੈਣ ਤੇ ਤੇਰੇ ਅੱਗੇ ਇਸ ਭਵਨ ਵਿੱਚ ਬੇਨਤੀ ਤੇ ਅਰਦਾਸ ਕਰਨ । 34ਤਦ ਤੂੰ ਸਵਰਗੋਂ ਸੁਣ ਕੇ ਆਪਣੀ ਪਰਜਾ ਇਸਰਾਏਲ ਦੇ ਪਾਪ ਨੂੰ ਮਾਫ਼ ਕਰੀਂ ਅਤੇ ਉਨ੍ਹਾਂ ਨੂੰ ਉਸ ਦੇਸ ਵਿੱਚ ਜੋ ਤੂੰ ਉਨ੍ਹਾਂ ਦੇ ਪਿਉ-ਦਾਦਿਆਂ ਨੂੰ ਦਿੱਤਾ ਹੈ ਮੋੜ ਲਿਆਵੀਂ ।

35ਜਦ ਅਕਾਸ਼ ਬੰਦ ਹੋਵੇ ਅਤੇ ਮੀਂਹ ਇਸ ਲਈ ਨਾ ਪਵੇ ਕਿ ਉਨ੍ਹਾਂ ਨੇ ਤੇਰਾ ਪਾਪ ਕੀਤਾ ਤਾਂ ਜੇ ਉਹ ਇਸ ਸਥਾਨ ਵੱਲ ਬੇਨਤੀ ਕਰਨ ਅਤੇ ਤੇਰੇ ਨਾਮ ਨੂੰ ਮੰਨ ਲੈਣ ਅਤੇ ਆਪਣੇ ਪਾਪਾਂ ਤੋਂ ਮੁੜਨ ਜਦ ਤੂੰ ਉਨ੍ਹਾਂ ਨੂੰ ਸਜ਼ਾ ਦਿੱਤੀ ਹੋਵੇ । 36ਤਦ ਤੂੰ ਸਵਰਗੋਂ ਸੁਣ ਕੇ ਆਪਣੇ ਦਾਸਾਂ ਤੇ ਆਪਣੀ ਪਰਜਾ ਇਸਰਾਏਲ ਦੇ ਪਾਪ ਨੂੰ ਮਾਫ਼ ਕਰੀਂ ਤਾਂ ਜੋ ਤੂੰ ਉਨ੍ਹਾਂ ਨੂੰ ਉਹ ਚੰਗਾ ਰਾਹ ਜਿਹ ਦੇ ਵਿੱਚ ਉਨ੍ਹਾਂ ਨੂੰ ਤੁਰਨਾ ਚਾਹੀਦਾ ਹੈ ਸਿਖਾਵੇਂ ਅਤੇ ਆਪਣੀ ਧਰਤੀ ਉੱਤੇ ਜੋ ਤੂੰ ਆਪਣੀ ਪਰਜਾ ਨੂੰ ਮਿਲਖ ਵਿੱਚ ਦਿੱਤੀ ਹੈ ਮੀਂਹ ਵਰਸਾਵੇਂ ।

37ਜੇ ਦੇਸ ਵਿੱਚ ਕਾਲ ਜਾਂ ਬਵਾ ਪੈ ਜਾਵੇ ਜਾਂ ਔੜ ਜਾਂ ਕੁੰਗੀ ਜਾਂ ਸਲਾ ਜਾਂ ਸੁੰਡੀ ਟੋਕਾ ਆ ਜਾਣ ਅਤੇ ਜੇ ਉਨ੍ਹਾਂ ਦੇ ਵੈਰੀ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ ਜਾਂ ਫਾਟਕਾਂ ਨੂੰ ਘੇਰ ਲੈਣ ਅਤੇ ਜੇ ਕੋਈ ਕਸ਼ਟ ਜਾਂ ਰੋਗ ਆ ਪਵੇ । 38ਜੋ ਬੇਨਤੀ ਜਾਂ ਅਰਦਾਸ ਤੇਰੀ ਸਾਰੀ ਪਰਜਾ ਇਸਰਾਏਲ ਦੇ ਕਿਸੇ ਆਦਮੀ ਤੋਂ ਕੀਤੀ ਜਾਵੇ ਜੋ ਆਪਣੇ ਹੀ ਮਨ ਦਾ ਕਸ਼ਟ ਜਾਣੇ ਅਤੇ ਆਪਣੇ ਹੱਥ ਇਸ ਭਵਨ ਵੱਲ ਅੱਡੇ ।

39ਤਦ ਤੂੰ ਆਪਣੇ ਸਵਰਗੀ ਭਵਨ ਤੋਂ ਸੁਣ ਕੇ ਮਾਫ਼ ਕਰੀਂ ਅਤੇ ਕੰਮ ਕਰੀਂ ਅਤੇ ਹਰ ਮਨੁੱਖ ਨੂੰ ਉਹ ਦੀਆਂ ਸਾਰੀਆਂ ਚਾਲਾਂ ਅਨੁਸਾਰ ਬਦਲਾ ਦੇਵੀਂ ਜਿਹ ਦੇ ਮਨ ਨੂੰ ਤੂੰ ਜਾਣਦਾ ਹੈਂ ਕਿਉਂ ਜੋ ਤੂੰ ਹਾਂ ਤੂੰ ਹੀ ਮਨੁੱਖ ਦੇ ਮਨਾ ਨੂੰ ਜਾਣਦਾ ਹੈਂ । 40ਤਾਂ ਜੋ ਉਹ ਆਪਣੇ ਜੀਉਣ ਦੇ ਸਾਰੇ ਦਿਨ ਜਿਹੜੇ ਉਹ ਉਸ ਭੂਮੀ ਉੱਤੇ ਗੁਜਾਰਨ ਜਿਹ ਨੂੰ ਤੂੰ ਸਾਡੇ ਪਿਉ-ਦਾਦਿਆਂ ਨੂੰ ਦਿੱਤੀ ਹੈ ਤੇਰੇ ਕੋਲੋਂ ਡਰਨ ।

41ਨਾਲੇ ਉਸ ਓਪਰੇ ਦੇ ਵਿਖੇ ਵੀ ਜੋ ਤੇਰੀ ਪਰਜਾ ਇਸਰਾਏਲ ਦਾ ਨਹੀਂ ਹੈ ਪਰ ਦੂਰ ਦੇਸ ਤੋਂ ਤੇਰੇ ਨਾਮ ਦੇ ਕਾਰਨ ਆਇਆ ਹੈ । 42ਕਿਉਂ ਜੋ ਉਹ ਤੇਰਾ ਵੱਡਾ ਨਾਮ, ਬਲਵਾਨ ਹੱਥ ਅਤੇ ਪਸਾਰੀ ਹੋਈ ਬਾਂਹ ਦੀ ਖ਼ਬਰ ਸੁਣਨਗੇ ਸੋ ਜਦ ਉਹ ਆਵੇ ਅਤੇ ਇਸ ਭਵਨ ਵੱਲ ਬੇਨਤੀ ਕਰੇ । 43ਤਦ ਤੂੰ ਆਪਣੇ ਸਵਰਗੀ ਭਵਨ ਤੋਂ ਸੁਣ ਕੇ ਉਸ ਓਪਰੇ ਦੀ ਸਾਰੀ ਦੁਹਾਈ ਅਨੁਸਾਰ ਕਰੀਂ ਤਾਂ ਜੋ ਧਰਤੀ ਦੇ ਸਾਰੇ ਲੋਕ ਤੇਰੇ ਨਾਮ ਨੂੰ ਜਾਣ ਲੈਣ ਅਤੇ ਤੇਰਾ ਭੈ ਮੰਨਣ ਜਿਵੇਂ ਤੇਰੀ ਪਰਜਾ ਇਸਰਾਏਲ ਕਰਦੀ ਹੈ ਅਤੇ ਜਾਣ ਲੈਣ ਕਿ ਇਹ ਭਵਨ ਜਿਹ ਨੂੰ ਮੈਂ ਬਣਾਇਆ ਹੈ ਤੇਰੇ ਨਾਮ ਦਾ ਕਹਾਵੇਗਾ ।

44ਜਦ ਤੇਰੀ ਪਰਜਾ ਆਪਣੇ ਵੈਰੀ ਨਾਲ ਯੁਧ ਕਰਨ ਲਈ ਨਿੱਕਲੇ ਜਿਸ ਰਾਹ ਥਾਣੀ ਤੂੰ ਉਨ੍ਹਾਂ ਨੂੰ ਭੇਜੇਂ ਅਤੇ ਯਹੋਵਾਹ ਅੱਗੇ ਇਸ ਸ਼ਹਿਰ ਵੱਲ ਜਿਹ ਨੂੰ ਤੂੰ ਚੁਣਿਆ ਹੈ ਅਤੇ ਇਸ ਭਵਨ ਵੱਲ ਜਿਹ ਨੂੰ ਮੈਂ ਤੇਰੇ ਨਾਮ ਲਈ ਬਣਾਇਆ ਹੈ ਬੇਨਤੀ ਕਰਨ । 45ਤਾਂ ਤੂੰ ਸਵਰਗੋਂ ਉਨ੍ਹਾਂ ਦੀ ਬੇਨਤੀ ਤੇ ਉਨ੍ਹਾਂ ਦੀ ਅਰਦਾਸ ਸੁਣ ਲਈਂ ਅਤੇ ਉਨ੍ਹਾਂ ਦੇ ਹੱਕ ਦਾ ਨਿਆਂ ਕਰੀਂ ।

46ਜੇ ਉਹ ਪਾਪ ਕਰਨ ਕਿਉਂ ਜੋ ਕੋਈ ਆਦਮੀ ਅਜਿਹਾ ਨਹੀਂ ਜੋ ਪਾਪ ਨਾ ਕਰੇ ਅਤੇ ਤੂੰ ਉਨ੍ਹਾਂ ਨਾਲ ਕ੍ਰੋਧਵਾਨ ਹੋਵੇਂ ਅਤੇ ਉਨ੍ਹਾਂ ਨੂੰ ਵੈਰੀ ਦੇ ਹੱਥ ਵਿੱਚ ਇਸ ਤਰ੍ਹਾਂ ਦੇ ਦੇਵੇਂ ਕਿ ਉਹ ਉਨ੍ਹਾਂ ਨੂੰ ਬੰਧੂਏ ਬਣਾ ਕੇ ਵੈਰੀ ਦੇ ਦੇਸ ਲੈ ਜਾਣ ਭਾਵੇਂ ਦੂਰ ਭਾਵੇਂ ਨੇੜੇ । 47ਤਾਂ ਜੋ ਉਹ ਉਸ ਦੇਸ ਵਿੱਚ ਜਿੱਥੇ ਉਹ ਬੰਧੂਏ ਬਣ ਕੇ ਪਹੁੰਚਾਏ ਗਏ ਹੋਣ ਆਪਣੇ ਮਨਾਂ ਵਿੱਚ ਧਿਆਨ ਕਰਨ ਅਤੇ ਪਛਤਾਉਣ ਅਤੇ ਆਪਣੇ ਬੰਧੂਏ ਬਣਾਉਣ ਵਾਲਿਆਂ ਦੇ ਦੇਸ ਵਿੱਚ ਤੇਰੇ ਅੱਗੇ ਇਹ ਆਖ ਕੇ ਬੇਨਤੀ ਕਰਨ ਕਿ ਅਸੀਂ ਪਾਪ ਕੀਤਾ, ਅਸੀਂ ਕੁਰਾਹੀ ਕੀਤੀ ਅਤੇ ਅਸੀਂ ਬਦੀ ਕੀਤੀ ।

48ਅਤੇ ਇਸ ਤਰ੍ਹਾਂ ਆਪਣੇ ਵੈਰੀਆਂ ਦੇ ਦੇਸ ਜਿਨ੍ਹਾਂ ਨੇ ਉਨ੍ਹਾਂ ਨੂੰ ਬੰਧੂਏ ਬਣਾਇਆ ਉਹ ਤੇਰੀ ਵੱਲ ਆਪਣੇ ਸਾਰੇ ਮਨ ਤੇ ਆਪਣੀ ਸਾਰੀ ਜਾਨ ਨਾਲ ਮੁੜਨ ਅਤੇ ਤੇਰੇ ਅੱਗੇ ਆਪਣੇ ਦੇਸ ਵੱਲ ਬੇਨਤੀ ਕਰਨ ਜਿਹੜਾ ਤੂੰ ਉਨ੍ਹਾਂ ਦੇ ਪਿਉ-ਦਾਦਿਆਂ ਨੂੰ ਦਿੱਤਾ ਅਤੇ ਇਸ ਸ਼ਹਿਰ ਵੱਲ ਜਿਹ ਨੂੰ ਤੂੰ ਚੁਣਿਆ ਤੇ ਇਸ ਸ਼ਹਿਰ ਵੱਲ ਜਿਹ ਨੂੰ ਮੈਂ ਤੇਰੇ ਨਾਮ ਲਈ ਬਣਾਇਆ ।

49ਤਾਂ ਤੂੰ ਆਪਣੇ ਸਵਰਗੀ ਭਵਨ ਤੋਂ ਉਨ੍ਹਾਂ ਦੀ ਬੇਨਤੀ ਤੇ ਅਰਦਾਸ ਸੁਣ ਲਈਂ ਅਤੇ ਉਨ੍ਹਾਂ ਦੇ ਹੱਕ ਦਾ ਨਿਆਂ ਕਰੀਂ । 50ਅਤੇ ਆਪਣੇ ਲੋਕਾਂ ਨੂੰ ਜਿਨ੍ਹਾਂ ਨੇ ਤੇਰਾ ਪਾਪ ਕੀਤਾ ਉਨ੍ਹਾਂ ਦਿਆਂ ਸਾਰਿਆਂ ਅਪਰਾਧਾਂ ਨੂੰ ਜਿਨ੍ਹਾਂ ਨਾਲ ਉਨ੍ਹਾਂ ਨੇ ਤੇਰੀ ਉਲੰਘਣਾ ਕੀਤੀ ਮਾਫ਼ ਕਰੀਂ ਅਤੇ ਉਹ ਆਪਣੇ ਬੰਧੂਏ ਬਣਾਉਣ ਵਾਲਿਆਂ ਦੇ ਅੱਗੇ ਦਯਾ ਪ੍ਰਾਪਤ ਕਰਨ ਤਾਂ ਜੋ ਉਹ ਉਨ੍ਹਾਂ ਉੱਤੇ ਰਹਿਮ ਕਰਨ ।

51ਕਿਉਂ ਜੋ ਇਹ ਤੇਰੀ ਪਰਜਾ ਤੇ ਤੇਰੀ ਵਿਰਾਸਤ ਹੈ ਜਿਹ ਨੂੰ ਤੂੰ ਮਿਸਰ ਤੋਂ ਲੋਹੇ ਦੀ ਭੱਠੀ ਵਿੱਚੋਂ ਕੱਢਿਆ ਹੈ । 52ਤਾਂ ਜੋ ਤੇਰੀਆਂ ਅੱਖਾਂ ਆਪਣੇ ਦਾਸ ਦੀ ਅਰਦਾਸ ਵੱਲ ਅਤੇ ਆਪਣੀ ਪਰਜਾ ਇਸਰਾਏਲ ਦੀ ਅਰਦਾਸ ਵੱਲ ਖੁਲ੍ਹੀਆਂ ਰਹਿਣ ਕਿ ਤੂੰ ਉਨ੍ਹਾਂ ਦੀ ਸਾਰੀ ਦੁਹਾਈ ਨੂੰ ਜੋ ਉਹ ਤੇਰੇ ਅੱਗੇ ਦੇਣ ਸੁਣੇਂ । 53ਕਿਉਂ ਜੋ ਤੂੰ ਹੇ ਪ੍ਰਭੂ ਯਹੋਵਾਹ, ਉਨ੍ਹਾਂ ਨੂੰ ਧਰਤੀ ਦੇ ਸਾਰੇ ਲੋਕਾਂ ਤੋਂ ਆਪਣੀ ਵਿਰਾਸਤ ਹੋਣ ਲਈ ਵੱਖਰਾ ਕੀਤਾ ਜਿਵੇਂ ਤੂੰ ਆਪਣੇ ਦਾਸ ਮੂਸਾ ਦੇ ਰਾਹੀਂ ਬਚਨ ਕੀਤਾ ਜਦ ਤੂੰ ਸਾਡੇ ਪਿਉ-ਦਾਦਿਆਂ ਨੂੰ ਮਿਸਰ ਤੋਂ ਕੱਢਿਆ ।

54ਇਸ ਤਰ੍ਹਾਂ ਹੋਇਆ ਕਿ ਜਦ ਸੁਲੇਮਾਨ ਇਹ ਸਾਰੀ ਬੇਨਤੀ ਤੇ ਅਰਦਾਸ ਯਹੋਵਾਹ ਦੇ ਅੱਗੇ ਕਰ ਚੁੱਕਿਆ ਤਾਂ ਉਹ ਯਹੋਵਾਹ ਦੀ ਜਗਵੇਦੀ ਦੇ ਅੱਗਿਓਂ ਉੱਠ ਖੜ੍ਹਾ ਹੋਇਆ ਜਿੱਥੇ ਉਹ ਆਪਣੇ ਗੋਡੇ ਨਿਵਾ ਕੇ ਤੇ ਹੱਥ ਅਕਾਸ਼ ਵੱਲ ਅੱਡ ਕੇ ਬੈਠਾ ਸੀ । 55ਉਹ ਖੜ੍ਹਾ ਹੋ ਗਿਆ ਅਤੇ ਉਸ ਇਸਰਾਏਲ ਦੀ ਸਾਰੀ ਸਭਾ ਨੂੰ ਉੱਚੀ ਅਵਾਜ਼ ਨਾਲ ਬਰਕਤ ਦਿੱਤੀ ਕਿ 56ਯਹੋਵਾਹ ਮੁਬਾਰਕ ਹੋਵੇ ਜਿਸ ਨੇ ਆਪਣੀ ਪਰਜਾ ਇਸਰਾਏਲ ਨੂੰ ਸੁੱਖ ਦਿੱਤਾ ਜਿਵੇਂ ਉਸ ਬਚਨ ਕੀਤਾ ਸੀ । ਉਸ ਸਾਰੇ ਚੰਗੇ ਬਚਨ ਤੋਂ ਜਿਹੜਾ ਉਸ ਨੇ ਆਪਣੇ ਦਾਸ ਮੂਸਾ ਦੇ ਰਾਹੀਂ ਕੀਤਾ ਇੱਕ ਵੀ ਗੱਲ ਖਾਲੀ ਨਾ ਗਈ ।

57ਯਹੋਵਾਹ ਸਾਡਾ ਪਰਮੇਸ਼ੁਰ ਸਾਡੇ ਅੰਗ-ਸੰਗ ਹੋਵੇ ਜਿਵੇਂ ਉਹ ਸਾਡੇ ਪਿਉ-ਦਾਦਿਆਂ ਦੇ ਨਾਲ ਸੀ, ਉਹ ਨਾ ਸਾਨੂੰ ਤਿਆਗੇ ਅਤੇ ਨਾ ਸਾਨੂੰ ਛੱਡੇ । 58ਉਹ ਸਾਡੇ ਮਨਾਂ ਨੂੰ ਆਪਣੀ ਵੱਲ ਫੇਰੇ ਕਿ ਅਸੀਂ ਉਹ ਦੇ ਸਾਰੇ ਰਾਹਾਂ ਵਿੱਚ ਚੱਲੀਏ ਅਤੇ ਉਹ ਦੇ ਹੁਕਮ ਬਿਧੀਆਂ ਤੇ ਨਿਆਂ ਮੰਨੀਏ ਜਿਨ੍ਹਾਂ ਦਾ ਉਸ ਸਾਡੇ ਪਿਉ-ਦਾਦਿਆਂ ਨੂੰ ਹੁਕਮ ਦਿੱਤਾ ਸੀ ।

59ਅਤੇ ਇਹ ਮੇਰੀਆਂ ਗੱਲਾਂ ਜਿਨ੍ਹਾਂ ਦੇ ਨਾਲ ਮੈਂ ਯਹੋਵਾਹ ਅੱਗੇ ਅਰਦਾਸ ਕੀਤੀ ਯਹੋਵਾਹ ਸਾਡੇ ਪਰਮੇਸ਼ੁਰ ਦੇ ਨੇੜੇ ਦਿਨ ਰਾਤ ਰਹਿਣ ਕਿ ਉਹ ਆਪਣੇ ਦਾਸ ਦੇ ਹੱਕ ਦਾ ਨਿਆਂ ਕਰੇ ਨਾਲੇ ਆਪਣੀ ਪਰਜਾ ਇਸਰਾਏਲ ਦੇ ਹੱਕ ਦਾ ਨਿਆਂ ਰੋਜ਼ ਰੋਜ਼ ਕਾਇਮ ਰੱਖੋ । 60ਤਾਂ ਜੋ ਧਰਤੀ ਦੇ ਸਾਰੇ ਲੋਕ ਜਾਣ ਲੈਣ ਕਿ ਯਹੋਵਾਹ ਹੀ ਪਰਮੇਸ਼ੁਰ ਹੈ ਅਤੇ ਹੋਰ ਕੋਈ ਨਹੀਂ । 61ਤੁਹਾਡਾ ਮਨ ਯਹੋਵਾਹ ਸਾਡੇ ਪਰਮੇਸ਼ੁਰ ਲਈ ਸੰਪੂਰਨ ਹੋਵੇ ਕਿ ਤੁਸੀਂ ਉਹ ਦੀਆਂ ਬਿਧੀਆਂ ਵਿੱਚ ਚੱਲੋ ਅਤੇ ਉਹ ਦੇ ਹੁਕਮਾਂ ਦੀ ਪਾਲਨਾ ਕਰੋ ਜਿਵੇਂ ਅੱਜ ਦੇ ਦਿਨ ਹੁੰਦਾ ਹੈ ।

62ਪਾਤਸ਼ਾਹ ਨੇ ਸਾਰੇ ਇਸਰਾਏਲ ਦੇ ਨਾਲ ਯਹੋਵਾਹ ਦੇ ਅੱਗੇ ਬਲੀਆਂ ਚੜ੍ਹਾਈਆਂ । 63ਸੋ ਸੁਲੇਮਾਨ ਨੇ ਸੁੱਖ-ਸਾਂਦ ਦੀਆਂ ਬਲੀਆਂ ਲਈ ਜਿਹ ਨੂੰ ਉਸ ਨੇ ਯਹੋਵਾਹ ਅੱਗੇ ਚੜ੍ਹਾਇਆ ਬਾਈ ਹਜ਼ਾਰ ਬਲ਼ਦ ਤੇ ਇੱਕ ਲੱਖ ਵੀਹ ਹਜ਼ਾਰ ਭੇਡਾਂ ਸਨ । ਸੋ ਪਾਤਸ਼ਾਹ ਤੇ ਸਾਰੇ ਇਸਰਾਏਲੀਆਂ ਨੇ ਯਹੋਵਾਹ ਦੇ ਭਵਨ ਨੂੰ ਅਰਪਿਤ ਕੀਤਾ ।

64ਉਸ ਦਿਨ ਪਾਤਸ਼ਾਹ ਨੇ ਉਸ ਵਿਹੜੇ ਦੇ ਵਿੱਚਕਾਰਲੇ ਹਿੱਸੇ ਨੂੰ ਜੋ ਯਹੋਵਾਹ ਦੇ ਭਵਨ ਦੇ ਸਾਹਮਣੇ ਸੀ ਪਵਿੱਤਰ ਠਹਿਰਾਇਆ ਅਤੇ ਉਸ ਨੇ ਹੋਮ ਦੀਆਂ ਬਲੀਆਂ, ਮੈਦੇ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਬਲੀਆਂ ਦੀ ਚਰਬੀ ਉੱਥੇ ਇਸ ਲਈ ਚੜ੍ਹਾਈ ਕਿ ਪਿੱਤਲ ਦੀ ਜਗਵੇਦੀ ਜਿਹੜੀ ਯਹੋਵਾਹ ਦੇ ਅੱਗੇ ਸੀ ਛੋਟੀ ਸੀ ਅਤੇ ਹੋਮ ਦੀਆਂ ਬਲੀਆਂ, ਮੈਦੇ ਦੀਆਂ ਭੇਟਾਂ ਤੇ ਸੁੱਖ-ਸਾਂਦ ਦੀਆਂ ਬਲੀਆਂ ਦੀ ਚਰਬੀ ਉੱਥੇ ਨਹੀਂ ਸਮਾ ਸਕਦੀ ਸੀ ।

65ਇਸ ਤਰ੍ਹਾਂ ਸੁਲੇਮਾਨ ਨੇ ਉਸ ਵੇਲੇ ਸਾਰੇ ਇਸਰਾਏਲ ਸਣੇ ਜੋ ਇੱਕ ਬਹੁਤ ਵੱਡੀ ਸਭਾ ਸੀ ਹਮਾਥ ਦੇ ਲਾਂਘੇ ਤੋਂ ਮਿਸਰ ਦੀ ਨਦੀ ਤੱਕ ਯਹੋਵਾਹ ਸਾਡੇ ਪਰਮੇਸ਼ੁਰ ਦੇ ਅੱਗੇ ਉਸ ਪਰਬ ਨੂੰ ਮਨਾਇਆ ਸੱਤ ਦਿਨ ਫੇਰ ਸੱਤ ਦਿਨ ਅਰਥਾਤ ਚੌਦਾਂ ਦਿਨ ਲੱਗੇ । ਅੱਠਵੇਂ ਦਿਨ ਉਸ ਨੇ ਲੋਕਾਂ ਨੂੰ ਵਿਦਿਆ ਕੀਤਾ ਅਤੇ ਉਨ੍ਹਾਂ ਨੇ ਪਾਤਸ਼ਾਹ ਨੂੰ ਅਸੀਸ ਦਿੱਤੀ ਅਤੇ ਆਪਣੇ ਤੰਬੂਆਂ ਨੂੰ ਉਸ ਸਾਰੀ ਭਲਿਆਈ ਦੇ ਕਾਰਨ ਜਿਹੜੀ ਯਹੋਵਾਹ ਨੇ ਆਪਣੇ ਦਾਸ ਦਾਊਦ ਤੇ ਆਪਣੀ ਪਰਜਾ ਇਸਰਾਏਲ ਦੇ ਨਾਲ ਕੀਤੀ ਸੀ ਉਹ ਖੁਸ਼ੀ ਤੇ ਮਨ ਦੀ ਅਨੰਦਤਾਈ ਨਾਲ ਚਲੇ ਗਏ ।

66

Copyright information for PanULB